ਕ੍ਰਿਸ਼ਨ ਚੰਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕ੍ਰਿਸ਼ਨ ਚੰਦਰ (1914–1977) : ਉਰਦੂ ਦੇ ਅਫ਼ਸਾਨਾ ਨਿਗਾਰਾਂ ਵਿੱਚ ਕ੍ਰਿਸ਼ਨ ਚੰਦਰ ਇੱਕ ਚਮਕਦਾ ਨਾਂ ਹੈ। ਪੁਖਤਾ ਹਸਤਾਖ਼ਰ, ਜਿਸਨੇ ਆਪਣੇ ਨਾਵਲਾਂ ਤੇ ਕਹਾਣੀਆਂ ਸਦਕਾ ਉਰਦੂ ਅਫ਼ਸਾਨਾ-ਨਿਗਾਰੀ ਦੇ ਖੇਤਰ ਵਿੱਚ ਆਪਣਾ ਨਾਂ ਬਣਾਇਆ, ਉਹ ਆਪਣੇ ਸਮੇਂ ਦਾ ਜਬਰਦਸਤ ਲਿਖਾਰੀ ਸੀ। ਪੰਜਾਬੀ ਹੋਣ ਦੇ ਨਾਤੇ ਉਸ ਦੇ ਪਾਤਰਾਂ ਵਿੱਚ ਦਮ ਖ਼ਮ ਦੇਖਣ ਨੂੰ ਮਿਲਦਾ ਹੈ। ਉਸ ਨੇ ਉਰਦੂ ਅਦਬ ਦੀ ਬਹੁਤ ਸੇਵਾ ਕੀਤੀ। ਏਨਾ ਲਿਖਿਆ ਤੇ ਅਜਿਹਾ ਲਿਖਿਆ ਕਿ ਪਾਠਕ ਤ੍ਰਿਪਤ ਹੁੰਦੇ ਰਹੇ। ਮਾਰਕਿਟ ਵਿੱਚ ਨਾਵਲ ਪੜ੍ਹਨ ਵਾਲਿਆਂ ਵਿੱਚ ਕ੍ਰਿਸ਼ਨ ਚੰਦਰ ਦੇ ਨਾਵਲਾਂ ਦੀ ਮੰਗ ਬਾਰ-ਬਾਰ ਬਣੀ ਰਹਿੰਦੀ ਸੀ। ਉਹ ਹਿੰਦੀ ਤੇ ਉਰਦੂ, ਦੋਵੇਂ ਭਾਸ਼ਾਵਾਂ ਦੇ ਪਾਠਕਾਂ ਵਿੱਚ ਹਰਮਨਪਿਆਰਾ ਸੀ। ਕਹਾਣੀ ਕਹਿਣ ਦੀ ਕਲਾ, ਕਿੱਸਾਗੋਈ ਰਾਹੀਂ ਹੀ ਨਹੀਂ, ਸ਼ਿਲਪ, ਸ਼ੈਲੀ ਤੇ ਭਾਸ਼ਾ ਦੇ ਮੁਹਾਵਰੇ ਰਾਹੀਂ ਵੀ ਉਸ ਨੇ ਪਾਠਕਾਂ ਨੂੰ ਕੀਲਿਆ। ਇਸਮਤ ਚੁਗ਼ਤਾਈ, ਸਆਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ ਦੇ ਮੁਕਾਬਲੇ `ਚ ਕ੍ਰਿਸ਼ਨ ਚੰਦਰ ਦਾ ਸਾਹਿਤ ਵੀ ਹਰਮਨਪਿਆਰਾ ਸੀ। ਇਸ ਚੌਕੜੀ ਨੂੰ ਸਿਨੇਮਾ ਤੇ ਸਾਹਿਤ ਵਿੱਚ ਇੱਕੋ ਜਿਹੀ ਮਾਨਤਾ ਪ੍ਰਾਪਤ ਸੀ।

     ਕ੍ਰਿਸ਼ਨ ਚੰਦਰ ਪ੍ਰਤਿਬੱਧ ਲੇਖਕ ਸੀ। ਉਸ ਦੀ ਸਾਹਿਤ ਤੇ ਸਮਾਜ ਪ੍ਰਤਿ ਵਚਨਬੱਧਤਾ ਤੇ ਇੱਕ ਉਦੇਸ਼ ਸੀ। ਅਗਾਂਹਵਧੂ ਲਹਿਰ (ਪ੍ਰਗਤੀਸ਼ੀਲ) ਵਿੱਚ ਉਹ ਵਿਸ਼ਵਾਸ ਰੱਖਦਾ ਅਤੇ ਸਮਾਜ ਤੇ ਕੋਝੇ ਪੱਖ ਨੂੰ ਲਿਖਤਾਂ `ਚ ਦਰਸਾ ਕੇ ਸੁਧਾਰਨ ਦੀ ਮਨੌਤ ਰੱਖਦਾ ਸੀ। ਉਹ ਮੇਜ਼ ਕੁਰਸੀ ਤੇ ਬੈਠ ਕੇ ਧੁੱਪ `ਚ ਕੰਮ ਕਰਨ ਵਾਲਿਆਂ ਬਾਰੇ ਲਿਖਦਾ ਸੀ। ਉਸ ਦੀਆਂ ਲਿਖਤਾਂ ਮੱਧਵਰਗੀ ਸਮਾਜ ਦਾ ਸ਼ੀਸ਼ਾ ਹਨ। ਕ੍ਰਿਸ਼ਨ ਚੰਦਰ ਦੀ ਸ਼ੁਹਰਤ ਏਨੀ ਸੀ ਕਿ ਉਹ ਕਦੇ ਰੁਕ ਕੇ ਆਪਣਾ ਜਾਇਜ਼ਾ ਵੀ ਨਹੀਂ ਲੈ ਸਕਿਆ। ਉਸ ਦੀ ਮਾਲੀ ਹਾਲਤ ਨੇ ਵੀ ਉਹਨਾਂ ਨੂੰ ਬਹੁਤਾ ਲਿਖਣ ਲਈ ਮਜਬੂਰ ਕੀਤਾ ਸੀ। ਉਹ ਆਪਣਾ, ਦੋਵੇਂ ਪਤਨੀਆਂ ਅਤੇ ਉਹਨਾਂ ਦੇ ਬੱਚਿਆਂ ਦਾ ਖ਼ਰਚਾ ਕਲਮ ਦੀ ਕਿਰਤ ਨਾਲ ਕੱਢਦਾ ਸੀ। ਸਾਹਿਤਿਕ ਮਹਿਫ਼ਲਾਂ ਵਿੱਚ ਉਸ ਨੂੰ ਹਰ ਥਾਂ ਏਸ਼ੀਆ ਦਾ ਅਜ਼ੀਮ ਅਫ਼ਸਾਨਾਨਿਗਾਰ ਕਹਿ ਕੇ ਯਾਦ ਕੀਤਾ ਜਾਂਦਾ ਸੀ।

     ਕ੍ਰਿਸ਼ਨ ਚੰਦਰ ਆਪਣੇ ਯੁੱਗ `ਚ ਇੱਕ ਲੈਜੰਡ ਬਣ ਕੇ ਜਿਊਂਦਾ ਰਿਹਾ। ਅਨੇਕ ਚਰਚਿਆਂ, ਵਿਵਾਦਾਂ ਵਿੱਚ ਉਹ ਘਿਰਿਆ ਰਹਿੰਦਾ ਸੀ। ਕ੍ਰਿਸ਼ਨ ਚੰਦਰ ਦੇ ਛੋਟੇ ਭਰਾ ਮਹਿੰਦਰ ਨਾਥ ਤੇ ਉਹਨਾਂ ਦੇ ਦੋਸਤ ਬਲਰਾਜ ਮੈਨਰਾ ਵੀ ਓਦੋਂ ਲਿਖਦੇ ਸਨ। ਮਹਿੰਦਰ ਨਾਥ ਤਾਂ ਸ਼ੁਰੂ `ਚ ਇੱਕ ਦੋ ਫ਼ਿਲਮਾਂ ਦਾ ਹੀਰੋ ਵੀ ਰਹਿ ਚੁੱਕਿਆ ਸੀ। ਕ੍ਰਿਸ਼ਨ ਚੰਦਰ ਨੇ ਬੰਬਈ `ਚ ਫ਼ਿਲਮ ਇੰਡਸਟਰੀ ਵਿੱਚ ਵੀ ਪ੍ਰਵੇਸ਼ ਕੀਤਾ। ਉਹ ਅਦਬ ਦੇ ਆਸਰੇ ਹੀ ਅੱਗੇ ਆਇਆ। ‘ਦੋ ਫਰਲਾਂਗ ਲੰਮੀ ਸੜਕ` ਅਤੇ ‘ਅੱਧੇ ਘੰਟੇ ਦਾ ਖੁਦਾ’ ਉਸ ਦੀਆਂ ਬਹੁ ਚਰਚਿਤ ਕਹਾਣੀਆਂ ਵਿੱਚ ਗਿਣੀਆਂ ਜਾਂਦੀਆਂ ਹਨ। ਗੁਲਸ਼ਨ ਨੰਦਾ ਦੇ ਨਾਵਲਾਂ ਵਾਂਗ ਏਕ ਗਧੇ ਕੀ ਆਤਮ ਕਥਾ, ਕਸ਼ਮੀਰ ਕੀ ਕਸਮ ਬਹੁਤ ਲੋਕ-ਪ੍ਰਿਆ ਹਨ।

     ਕ੍ਰਿਸ਼ਨ ਚੰਦਰ ਕਮਿਊਨਿਸਟ ਸੀ। ਜ਼ਿੰਦਗੀ ਵਿੱਚ ਜਿਵੇਂ ਸੀ ਮਰਨ ਤੱਕ ਵੀ ਉਸੇ ਤਰ੍ਹਾਂ ਦਾ ਰਿਹਾ। ਉਸ ਦੀ ਪਹਿਲੀ ਪਤਨੀ ਦੇ ਪੁੱਤਰ ਨੇ ਸਲਮਾ ਸਦੀਕੀ (ਦੂਜੀ ਪਤਨੀ) ਦੀ ਜ਼ਿੱਦ ਤੇ ਬਿਆਨ ਦਿੱਤੇ ਬਗ਼ੈਰ ਕ੍ਰਿਸ਼ਨ ਚੰਦਰ ਦੀ ਦੇਹ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕ੍ਰਿਸ਼ਨ ਚੰਦਰ ਦੇ ਦੋ ਘਰ ਸਨ। ਇੱਕ ਘਰ ਵਿੱਚ ਉਹ ਮੁਸਲਮਾਨ ਸੀ, ਦੂਸਰੇ ਵਿੱਚ ਹਿੰਦੂ। ਪਹਿਲੀ ਪਤਨੀ ਦੇ ਹੁੰਦਿਆਂ ਉਸ ਨੇ ਦੂਸਰੇ ਵਿਆਹ ਲਈ ਆਪਣੇ-ਆਪ ਨੂੰ ਮੁਸਲਮਾਨ ਬਣਾਇਆ ਸੀ।

     ਉਰਦੂ ਦੀ ਨਾਵਲਕਾਰੀ ਵਿੱਚ ਤਿੰਨ ਦਰਜਨ ਤੋਂ ਵੱਧ ਨਾਵਲ ਅੱਜ ਵੀ ਪੁਰਾਣੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ। ਉਰਦੂ ਨਾ ਪੜ੍ਹ, ਸਮਝ ਸਕਣ ਵਾਲਿਆਂ ਨੇ ਉਸ ਨੂੰ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਰੂਪ `ਚ ਪੜ੍ਹਿਆ। ਸਮੇਂ ਨੇ ਕ੍ਰਿਸ਼ਨ ਚੰਦਰ ਨੂੰ ਨਿਖਾਰਿਆ ਸੀ ਤੇ ਕ੍ਰਿਸ਼ਨ ਚੰਦਰ ਦੇ ਲੇਖਕ ਨੇ ਉਸ ਦੀਆਂ ਕਹਾਣੀਆਂ ਨੂੰ ਸ਼ਿੰਗਾਰਿਆ। ਏਕ ਗਧੇ ਕੀ ਵਾਪਸੀ, ਬਾਵਨ ਪਤੇ ਜਿਹੇ ਨਾਵਲਾਂ ਨੇ ਉਸ ਨੂੰ ਵਧੇਰੇ ਹਰਮਨਪਿਆਰਾ ਨਾਵਲਕਾਰ ਬਣਾਇਆ।


ਲੇਖਕ : ਫੂਲਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.